News

ਜਾਣੋ ਕਿਵੇਂ ਤੁਹਾਡੇ ਆਪਣੇ ਮੋਬਾਇਲ ਫੋਨ ਰਾਹੀਂ ਕੋਈ ਲਗਾ ਸਕਦਾ ਹੈ ਤੁਹਾਡੀ ਗੋਪਨੀਅਤਾ ‘ਚ ਸੰਨ

ਜਾਣੋ ਕਿਵੇਂ ਤੁਹਾਡੇ ਆਪਣੇ ਮੋਬਾਇਲ ਫੋਨ ਰਾਹੀਂ ਕੋਈ ਲਗਾ ਸਕਦਾ ਹੈ ਤੁਹਾਡੀ ਗੋਪਨੀਅਤਾ ‘ਚ ਸੰਨ

ਤੁਹਾਡੇ ਸਮਾਰਟ ਫੋਨ ਵਿਚ ਸਪਾਈ ਐਪ ਪਾ ਕੇ ਕੋਈ ਤੁਹਾਡੀ ਜਾਸੂਸੀ ਕਰ ਸਕਦਾ ਹੈ, ਇਸ ਲਈ ਕਿਸੇ ਨੂੰ ਆਪਣਾ ਸਮਾਰਟ ਫ਼ੋਨ ਦਿਖਾਉਣ ਤੇ ਖਰੀਦਣ ਤੋਂ ਬਾਅਦ ਇਕ ਵਾਰ ਪੁਖਤਾ ਕਰ ਲਓ ਕਿ ਤੁਹਾਡੇ ਫ਼ੋਨ ਵਿਚ ਕਿਤੇ ਸਪਾਈ ਐਪ ਤਾਂ ਨਹੀਂ ਡਾਊਨਲੋਡ ਕੀਤੀ ਗਈ, ਜਿਸ ਰਾਹੀਂ ਕੋਈ ਵੀ ਤੁਹਾਡੀ ਸਾਰੀ ਜਾਣਕਾਰੀ ਹਾਸਿਲ ਕਰ ਕੇ ਤੁਹਾਡੀ ਗੋਪਨੀਅਤਾ ਵਿਚ ਸੰਨ੍ਹ ਲਾ ਸਕਦਾ ਹੈ ਤੇ ਤੁਹਾਡੀਆਂ ਸਾਰੀਆਂ ਜਾਣਕਾਰੀਆਂ ਜਨਤਕ ਕਰ ਕੇ ਤੁਹਾਡੇ ਲਈ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ।
ਮੰਗੇਤਰ ਨੂੰ ਮੰਗਣੀ ਵਿਚ ਗਿਫ਼ਟ ਕੀਤੇ ਗਏ ਮੋਬਾਇਲ ਫ਼ੋਨ ਨਾਲ ਕੀਤੀ ਉਸ ਦੀ ਜਾਸੂਸੀ
ਸਾਈਬਰ ਮਾਹਿਰ ਨੇ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਕੋਲ ਇਕ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਆਇਆ ਸੀ। ਇਕ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਮੋਬਾਇਲ ਫ਼ੋਨ ਤੋਂ ਜਿਸ ਕਿਸੇ ਨਾਲ ਵੀ ਗੱਲ ਕਰਦੀ ਹੈ, ਉਸ ਬਾਰੇ ਸਭ ਕੁਝ ਉਸ ਦੇ ਮੰਗੇਤਰ ਨੂੰ ਪਤਾ ਲੱਗ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਵਿਚ ਤਰੇੜ ਆਉਣ ਲੱਗੀ ਹੈ। ਜਦੋਂ ਉਨ੍ਹਾਂ ਨੇ ਲੜਕੀ ਦਾ ਮੋਬਾਇਲ ਫ਼ੋਨ ਸਕੈਨ ਕੀਤਾ ਤਾਂ ਪਾਇਆ ਕਿ ਉਸ ਦੇ ਮੋਬਾਇਲ ਵਿਚ ਇਕ ਅਜਿਹੀ ਐਪ ਡਾਊਨਲੋਡ ਕੀਤੀ ਹੋਈ ਹੈ, ਜਿਸ ਰਾਹੀਂ ਉਸ ਦੇ ਫੋਨ ਦੀ ਸਾਰੀ ਜਾਣਕਾਰੀ ਉਸ ਦੇ ਮੰਗੇਤਰ ਤਕ ਪਹੁੰਚ ਜਾਂਦੀ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਉਹ ਮੋਬਾਇਲ ਫ਼ੋਨ ਲੜਕੀ ਦੇ ਮੰਗੇਤਰ ਨੇ ਹੀ ਉਸ ਨੂੰ ਮੰਗਣੀ ਦੇ ਦਿਨ ਗਿਫ਼ਟ ਕੀਤਾ ਸੀ, ਜਿਸ ਵਿਚ ਉਸ ਨੇ ਪਹਿਲਾਂ ਤੋਂ ਹੀ ਐਪਲੀਕੇਸ਼ਨ ਡਾਊਨਲੋਡ ਕਰ ਕੇ ਦਿੱਤੀ ਸੀ।
ਕਿਸੇ ਦੇ ਮੋਬਾਇਲ ‘ਤੇ ਇਸ ਤਰ੍ਹਾਂ ਦੀ ਐਪ ਡਾਊਨਲੋਡ ਕਰਨਾ ਕਾਨੂੰਨੀ ਜੁਰਮ
ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਕਿਸੇ ਵੀ ਵਿਅਕਤੀ ਦੇ ਮੋਬਾਇਲ ਫ਼ੋਨ ‘ਤੇ ਇਸ ਤਰ੍ਹਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨਾ ਕਾਨੂੰਨੀ ਜੁਰਮ ਹੈ। ਅਜਿਹੇ ਵਿਚ ਜੇਕਰ ਪੀੜਤ ਵਿਅਕਤੀ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੰਦਾ ਹੈ ਤਾਂ ਪੁਲਸ ਵਲੋਂ ਆਈ. ਟੀ. ਐਕਟ ਦੀਆਂ ਧਾਰਾਵਾਂ ਤਹਿਤ ਮੁਲਜ਼ਮ ਵਿਅਕਤੀ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ।
ਇਹ ਸਾਵਧਾਨੀ ਵਰਤ ਕੇ ਬਚਿਆ ਜਾ ਸਕਦਾ ਹੈ ਇਸ ਤਰ੍ਹਾਂ ਦੀ ਐਪ ਤੋਂ
ਸਾਈਬਰ ਮਾਹਿਰ ਰਾਜੇਸ਼ ਰਾਣਾ ਦੀ ਮੰਨੀਏ ਤਾਂ ਜਦੋਂ ਵੀ ਤੁਸੀਂ ਆਪਣਾ ਮੋਬਾਇਲ ਕਿਸੇ ਵਿਅਕਤੀ ਨੂੰ ਦਿਖਾਉਂਦੇ ਹੋ ਤਾਂ ਜਿਸ ‘ਤੇ ਉਸ ਵਲੋਂ ਤੁਹਾਨੂੰ ਨੁਕਸਾਨ ਪਹੁੰਚਾਏ ਜਾਣ ਦਾ ਸ਼ੱਕ ਹੋਵੇ, ਉਸ ਦੇ ਵਰਤਣ ਤੋਂ ਬਾਅਦ ਆਪਣੇ ਮੋਬਾਇਲ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ, ਕਿਤੇ ਤੁਹਾਡੇ ਮੋਬਾਇਲ ਵਿਚ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਹਿਡਨ ਐਪ ਤਾਂ ਨਹੀਂ ਪਾ ਦਿੱਤੀ, ਜਿਸ ਨਾਲ ਕਿ ਉਹ ਤੁਹਾਡੀਆਂ ਨਿੱਜੀ ਜਾਣਕਾਰੀਆਂ ਹਾਸਿਲ ਕਰ ਸਕੇ। ਇਸੇ ਤਰ੍ਹਾਂ ਨਵਾਂ ਮੋਬਾਇਲ ਖਰੀਦਦੇ ਸਮੇਂ ਵੀ ਇਹੀ ਧਿਆਨ ਰੱਖੋ ਤੇ ਆਪਣਾ ਮੋਬਾਇਲ ਕਿਸੇ ਸਾਈਬਰ ਐਕਸਪਰਟ ਤੋਂ ਚੈੱਕ ਕਰਵਾ ਲਓ। ਰਾਣਾ ਮੁਤਾਬਿਕ ਇਹ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

source by: Jagbani

US Creative

August 12th, 2017

No Comments

Leave a Reply

Your email address will not be published.