News

ਫਰਾਂਸ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਫਰਾਂਸ ‘ਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ

ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਵਰ੍ਹੇਗੰਢ ਮੌਕੇ ਪੈਰੋਨ ਸ਼ਹਿਰ ਨੂੰ ਆਜ਼ਾਦ ਕਰਵਾਉਣ ਮੌਕੇ ਸ਼ਹੀਦ ਹੋਏ ਜੰਗੀ ਫੌਜੀਆਂ ਨੂੰ ਸ਼ਰਧਾਜਲੀ ਦਿੱਤੀ ਗਈ। ਸ਼ਹਿਰ ਦੀ ਮੇਅਰ ਥੀਰੇਸਾ ਦੀਗੈਖ ਵੱਲੋਂ ਕਰਵਾਏ ਸਮਾਰੋਹ ਵਿੱਚ ਫਰਾਂਸ ਵਿੱਚ ਭਾਰਤ ਦੇ ਸਫੀਰ ਡਾ. ਮੋਹਨ ਕਵਾਤਰਾ, ਮਿਸ਼ੈਲ ਲੂਲੌਂਦ ,ਆਰਮੀ ਦੇ ਅਫਸਰ, ਸਥਾਨਕ ਅਧਿਕਾਰੀਆਂ ਤੋਂ ਇਲਾਵਾ ਫਰਾਂਸ ਦੇ ਸਿੱਖਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹਿਰ ਤੋਂ ਲੈ ਕੇ ਸ਼ਹੀਦੀ ਯਾਦਗਾਰ ਤੱਕ ਪਰੇਡ ਕੱਢੀ ਗਈ, ਜਿਸ ਵਿੱਚ ਫੌਜੀ ਬੈਂਡ ਤੋਂ ਇਲਾਵਾ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
ਸ਼ਹੀਦਾਂ ਦੀ ਯਾਦਗਾਰ ‘ਤੇ ਫੁੱਲ ਚੜ੍ਹਾਏ ਗਏ ਅਤੇ ਭਾਰਤ ਤੇ ਫਰਾਂਸ ਦੇ ਰਾਸ਼ਟਰੀ ਗੀਤਾਂ ਦੀਆਂ ਧੁਨਾਂ ‘ਤੇ ਫਰਾਂਸ ਦਾ ਅੱਧਾ ਝੰਡਾ ਨਿਵਾਇਆ ਗਿਆ। ਭਾਰਤੀ ਫੌਜੀਆਂ ਵੱਲੋਂ ਆਪਣੇ ਪਰਿਵਾਰਾਂ ਨੂੰ ਲਿਖੀਆਂ ਆਖਰੀ ਚਿੱਠੀਆਂ ਦਾ ਫਰੈਂਚ ਤਰਜਮਾ ਬੱਚਿਆਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਆਪਣੇ ਸੰਬੋਧਨ ‘ਚ ਮੇਅਰ ਨੇ ਕਿਹਾ ਕਿ ਇਸ ਜੰਗ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਫੌਜੀਆਂ ਦੀ ਅਦੁੱਤੀ ਬਹਾਦਰੀ ਸਦਕਾ ਅੱਜ ਉਹ ਸਾਰੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ‘ਸਿੱਖਸ ਡੀ ਫਰਾਂਸ’ ਦੇ ਮੁਖੀ ਐਡਵੋਕੇਟ ਰਣਜੀਤ ਸਿੰਘ ਵੱਲੋਂ ਪ੍ਰੋਗਰਾਮ ‘ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਭਾਰਤੀ ਰਾਜਦੂਤ ਡਾ. ਕਵਾਤਰਾ ਨੇ ਭਾਰਤੀ ਫੌਜੀਆਂ ਵੱਲੋਂ ਦਿਖਾਈ ਬਹਾਦਰੀ ਨੂੰ ਯਾਦ ਕੀਤਾ।
ਤੁਹਾਨੂੰ ਦੱਸ ਦਈਏ ਕਿ 1914 ਤੋਂ 1917 ਤੱਕ ਚੱਲੇ ਇਸ ਯੁੱਧ ਵਿੱਚ ਸ਼ਹਿਰ ਦੀ ਆਜ਼ਾਦੀ ਲਈ ਸਿੱਖ ਘੋੜਸਵਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਇਕੱਲੇ ਪੈਰੋਨ ਸ਼ਹਿਰ ਵਿੱਚ 320 ਭਾਰਤੀ ਜਵਾਨ ਸ਼ਹੀਦ ਹੋਏ ਸਨ। ਸਮਾਗਮ ‘ਚ ਜਥੇਦਾਰ ਚੈਨ ਸਿੰਘ, ਰਘੁਬੀਰ ਸਿੰਘ ਕੁਹਾੜ, ਬਾਬਾ ਕਸ਼ਮੀਰ ਸਿੰਘ, ਦਲਵਿੰਦਰ ਸਿੰਘ ਘੁੰਮਣ, ਬਾਬਾ ਪ੍ਰੀਤਮ ਸਿੰਘ, ਗੁਰਦੇਵ ਸਿੰਘ ਮਜੀਠਾ, ਪਰਮਜੀਤ ਸਿੰਘ ਸੋਹਲ ਆਦਿ ਹਾਜ਼ਰ ਸਨ।

source by: Jagbani

US Creative

September 13th, 2017

No Comments

Comments are closed.