News

ਪੰਜਾਬ ‘ਚ ਬਲਿਊ ਵ੍ਹੇਲ ਗੇਮ ਦੀ ਦਹਿਸ਼ਤ , ਹੁਣ 7ਵੀਂ ਜਮਾਤ ਦੀ ਲੜਕੀ ਚੜ੍ਹੀ ਸਕੂਲ ਦੀ ਤੀਸਰੀ ਮੰਜ਼ਿਲ ‘ਤੇ

ਪੰਜਾਬ ‘ਚ ਬਲਿਊ ਵ੍ਹੇਲ ਗੇਮ ਦੀ ਦਹਿਸ਼ਤ , ਹੁਣ 7ਵੀਂ ਜਮਾਤ ਦੀ ਲੜਕੀ ਚੜ੍ਹੀ ਸਕੂਲ ਦੀ ਤੀਸਰੀ ਮੰਜ਼ਿਲ ‘ਤੇ

ਦੁਨੀਆ ਭਰ ‘ਚ ਅਨੇਕਾਂ ਜਾਨਾਂ ਨਿਗਲ ਚੁੱਕੀ ਬਲਿਊ ਵ੍ਹੇਲ ਗੇਮ ਬਟਾਲਾ ਪੁੱਜ ਗਈ ਹੈ, ਜਿਸ ਨਾਲ ਨਾ ਸਿਰਫ਼ ਮਾਪਿਆਂ ਬਲਕਿ ਸੰਬੰਧਿਤ ਸਕੂਲ ਅਤੇ ਪ੍ਰਸ਼ਾਸਨ ਵਿਚ ਵੀ ਹੜਕੰਪ ਮਚ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿਚ 2 ਲੜਕੀਆਂ ਨੂੰ 10ਵੀਂ ਮੰਜ਼ਿਲ ਤੋਂ ਛਾਲਾਂ ਮਾਰ ਕੇ ਖੁਦਕੁਸ਼ੀ ਕਰਨ ਲਈ ਬਲਿਊ ਵ੍ਹੇਲ ਗੇਮ ਨੂੰ ਮੁਖ ਕਾਰਨ ਦੱਸਿਆ ਜਾ ਰਿਹਾ ਹੈ। ਅੱਜ ਬਾਅਦ ਦੁਪਹਿਰ ਬਟਾਲਾ ਦੇ ਇਕ ਨਾਮਵਰ ਪ੍ਰਾਈਵੇਟ ਅੰਗਰੇਜ਼ੀ ਸਕੂਲ ‘ਚ ਛੁੱਟੀ ਹੋਈ ਤਾਂ ਉਸ ਦੇ ਤੁਰੰਤ ਬਾਅਦ ਇਕ 7ਵੀਂ ਜਮਾਤ ਦੀ ਲੜਕੀ ਅਚਾਨਕ ਸਕੂਲ ਦੀ ਤੀਸਰੀ ਮੰਜ਼ਿਲ ‘ਤੇ ਜਾ ਚੜ੍ਹੀ। ਇਹ ਸਭ ਦੇਖ ਸਕੂਲ ‘ਚ ਹਫੜਾ ਦਫੜੀ ਮੱਚ ਗਈ ਅਤੇ ਸਕੂਲ ਮੈਨੇਜਮੈਂਟ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਐੱਸ. ਡੀ. ਐੱਮ. ਬਟਾਲਾ ਨੂੰ ਦਿੱਤੀ, ਜਿਸ ਤੋਂ ਤੁਰੰਤ ਬਾਅਦ ਨਾਇਬ ਤਹਿਸੀਲਦਾਰ ਵਰਿਆਮ ਸਿੰਘ ਮੌਕੇ ‘ਤੇ ਪੁੱਜ ਗਏ।
ਜਦੋਂ ਉਨ੍ਹਾਂ ਲੜਕੀ ਨੂੰ ਤੀਸਰੀ ਮੰਜ਼ਿਲ ‘ਤੇ ਚੜ੍ਹਿਆ ਦੇਖਿਆ ਤਾਂ ਬੜੀ ਮੁਸ਼ਕਲ ਨਾਲ ਲੜਕੀ ਨੂੰ ਛੱਤ ਤੋਂ ਉਤਾਰਿਆ ਗਿਆ ਅਤੇ ਨਾਇਬ ਤਹਿਸੀਲਦਾਰ ਨੇ ਤੁਰੰਤ ਐੱਸ. ਐੱਮ. ਓ. ਸਿਵਲ ਹਸਪਤਾਲ ਬਟਾਲਾ ਡਾ. ਸੰਜੀਵ ਭੱਲਾ ਨੂੰ ਬੁਲਾਇਆ ਅਤੇ ਡਾਕਟਰਾਂ ਦੀ ਟੀਮ ਨੂੰ ਲੜਕੀ ਦਾ ਗੰਭੀਰਤਾ ਨਾਲ ਮੈਡੀਕਲ ਚੈੱਕਅਪ ਕਰਨ ਲਈ ਕਿਹਾ। ਅਗਲੀ ਜਾਂਚ ‘ਚ ਕੀ ਸੱਚ ਸਾਹਮਣੇ ਆਉਂਦਾ ਹੈ, ਇਹ ਤਾਂ ਬਾਅਦ ਵਿਚ ਹੀ ਪਤਾ ਲੱਗੇਗਾ ਪਰ ਹਾਲ ਦੀ ਘੜੀ ਦੱਸਿਆ ਜਾ ਰਿਹਾ ਹੈ ਕਿ ਸੱਤਵੀਂ ਜਮਾਤ ਦੀ ਲੜਕੀ ‘ਤੇ ਬਲਿਊ ਵ੍ਹੇਲ ਗੇਮ ਦਾ ਅਸਰ ਸੀ ਅਤੇ ਸ਼ਾਇਦ ਉਸ ਨੇ ਇਸ ਗੇਮ ਦੇ ਬਹਿਕਾਵੇ ‘ਚ ਆ ਕੇ ਆਤਮਹੱਤਿਆ ਕਰਨ ਦੀ ਕਥਿਤ ਕੋਸ਼ਿਸ਼ ਕੀਤੀ ਹੈ।
ਕੀ ਕਹਿਣਾ ਹੈ ਐੱਸ. ਐੱਮ. ਓ. ਦਾ
ਜਦੋਂ ਇਸ ਬਾਰੇ ਐੱਸ. ਐੱਮ. ਓ. ਸਿਵਲ ਹਸਪਤਾਲ ਬਟਾਲਾ ਡਾ. ਸੰਜੀਵ ਭੱਲਾ ਨਾਲ ਗੱਲ ਹੋਈ, ਤਾਂ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਸਾਰਾ ਕੁਝ ਸਪੱਸ਼ਟ ਨਹੀਂ ਹੋ ਸਕਦਾ। ਇਸ ਲਈ ਲੜਕੀ ਨੂੰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ‘ਚ ਰੱਖ ਕੇ ਉਸ ਦੇ ਇਲਾਜ ਦੇ ਨਾਲ-ਨਾਲ ਗੰਭੀਰ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਸੀ ਪਰ ਅਸੀਂ ਲੜਕੀ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਰੱਖਣਾ ਚਾਹੁੰਦੇ ਸੀ ਪਰ ਘਰਦਿਆਂ ਦੇ ਵਾਰ-ਵਾਰ ਕਹਿਣ ‘ਤੇ ਅਸੀਂ ਲੜਕੀ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ। ਉਧਰ ਇਸ ਘਟਨਾ ਦੀ ਖਬਰ ਸ਼ਹਿਰ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ।

ਮਾਪੇ ਬੱਚਿਆਂ ਦੇ ਫੋਨ ‘ਤੇ ਰੱਖਣ ਤਿੱਖੀ ਨਜ਼ਰ : ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਲੋਕ ਇਸ ਘਟਨਾ ਨੂੰ ਲੈ ਕੇ ਪ੍ਰੇਸ਼ਾਨ ਨਾ ਹੋਣ ਅਤੇ ਖਿਆਲ ਰੱਖਣ ਕਿ ਉਨ੍ਹਾਂ ਦੇ ਬੱਚੇ ਘਰ ਅਤੇ ਬਾਹਰ ਕਿਸ ਪੱਧਰ ਤੱਕ ਮੋਬਾਈਲ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਅੱਗੇ ਚੱਲ ਕੇ ਅਜਿਹੇ ਮਾਮਲੇ ਬੜੇ ਗੰਭੀਰ ਬਣ ਜਾਂਦੇ ਹਨ। ਇਸ ਲਈ ਸਮਾਂ ਰਹਿੰਦਿਆਂ ਆਪਣੇ ਬੱਚਿਆਂ ਦੇ ਮੋਬਾਇਲਾਂ ‘ਤੇ ਤਿੱਖੀ ਨਜ਼ਰ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀ ਵਰਤੋਂ ‘ਤੇ ਕੰਟਰੋਲ ਕਰਨ। ਉਨ੍ਹਾਂ ਅੰਤ ‘ਚ ਕਿਹਾ ਕਿ ਜਿਥੇ ਵੀ ਕੀਤੇ ਅਜਿਹੀ ਗੱਲ ਸਾਹਮਣੇ ਆਉਂਦੀ ਹੈ, ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਸ ਜਾ ਸੰਬੰਧਿਤ ਆਲਾ ਅਧਿਕਾਰੀਆਂ ਨੂੰ ਦਿਉ।
ਮਾਮਲਾ ਬਲਿਊ ਵ੍ਹੇਲ ਗੇਮ ਦੀ ਪੁਸ਼ਟੀ ਨਹੀਂ ਕਰਦਾ : ਐੱਸ. ਡੀ. ਐੱਮ.
ਇਸ ਸਬੰਧੀ ਰੋਹਿਤ ਗੁਪਤਾ ਐੱਸ. ਡੀ. ਐੱਮ. ਬਟਾਲਾ ਨੇ ਕਿਹਾ ਕਿ ਪਹਿਲੀ ਨਜ਼ਰੇ ਉਕਤ ਮਾਮਲਾ ਬਲਿਊ ਵ੍ਹੇਲ ਗੇਮ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਅਸੀਂ ਅਹਿਤਿਆਤੀ ਤੌਰ ‘ਤੇ ਸਬੰਧਿਤ ਮਾਪਿਆਂ ਨੂੰ ਕਿਹਾ ਹੈ ਕਿ ਉਹ ਲੜਕੀ ‘ਤੇ ਵਿਸ਼ੇਸ਼ ਨਜ਼ਰ ਰੱਖਣ ਅਤੇ ਲੋੜੀਂਦਾ ਮੈਡੀਕਲ ਚੈੱਕਅਪ ਕਰਵਾਉਣ। ਉਨ੍ਹਾਂ ਪੰਜਾਬ ਦੇ ਸਮੁੱਚੇ ਮਾਪਿਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤੋਂ ਸਖ਼ਤੀ ਨਾਲ ਵਰਜ ਕੇ ਰੱਖਣ, ਤਾਂ ਜੋ ਉਨ੍ਹਾਂ ਦਾ ਧਿਆਨ ਪੜ੍ਹਾਈ ਦੇ ਇਲਾਵਾ ਸਮਾਜਿਕ ਬੁਰਾਈਆਂ ਵੱਲ ਨਾ ਜਾਵੇ।

source by: Jagbani

US Creative

September 14th, 2017

No Comments

Comments are closed.